ਬੁੱਕਤ


ਬੁੱਕਤ
ਇੱਕ ਸੀ ਭੈਣ ਗੁੱਡੀ
ਉਹਦਾ ਸੀ ਮਹਿੰਦਰ ਵੀਰ
ਮਹਿੰਦਰ ਵੀਰ ਦਾ ਸਾਲਾ
ਅੱਗੋਂ ਸੀ ਵੀਰ ਜਗੀਰ

ਮਹਿੰਦਰ ਘਰੇ ਗ਼ਰੀਬੀ ਦੇ ਨਾਲ
ਫਾਕੇ ਕੱਟਦਾ ਸੀ
ਦੇਖ  ਜਗੀਰੇ ਤੇ ਗੁੱਡੀ ਦਾ
ਦਿਲ ਅੰਦਰੋਂ ਅੰਦਰੀਂ ਛੱਟਦਾ ਸੀ

ਗੁੱਡੀ  ਅੱਗੇ ਚੰਗੇ ਘਰ ਵਿਆਹੀ ਏ
ਫਿਰ ਵੀ ਹਰ ਵੇਲੇ ਰੱਖਦੀ ਢੇਰੀ ਢਾਈ ਏ

ਜਗੀਰੇ ਕੋਲੋਂ ਭੈਣ ਦੇ ਘਰ ਦਾ
ਹਾਲ ਨਾ ਜਾਵੇ ਵੇਖਿਆ
ਮੈਨੂੰ ਹੀ ਕੁਝ ਕਰਨਾ ਪਓ
ਉਹਨੇ ਮਨ ਆਪਣੇ ਵਿੱਚ ਸੋਚਿਆ

ਉਧਰ ਗੁੱਡੀ ਸੋਚੇ ਜੇ ਭਾਈ ਦੀ
ਮਦਦ ਕਰ ਦੇਈਏ
ਕਿੱਦਾਂ ਘਰ ਵਿੱਚ ਪੁੱਛਾਂ
ਅੰਦਰੋਂ ਅੰਦਰੀ ਡਰ ਦੀ ਏ

ਲੈ ਕੇ ਦਾਣਾ ਫੱਕਾ
ਜਗੀਰਾਂ ਘਰ ਤੋਂ ਤੁਰ ਪੈਂਦੇ
ਕੁਝ ਹੋਰ ਵੀ ਰਾਸ਼ਨ ਪਾਣੀ
ਰਸਤੇ ਚੋਂ ਫੜ ਲੈਂਦਾ

ਗੁੱਡੀ ਦਾ ਵੀ ਹਾਲ ਉਹਦੇ
ਘਰ ਵਾਲਾ ਬੁੱਝ ਲੈਂਦਾ
ਗੁਰਦੁਆਰੇ ਨਹੀਂ ਉਥੇ ਦੇ ਦੇ
ਫਰਕ ਹੈ ਕੀ ਪੈਂਦਾ

ਗੁੱਡੀ ਅਤੇ ਜਗੀਰਾ ਇੱਕੋ ਦਿਨ
ਮਹਿੰਦਰ ਦੇ ਘਰ ਆਉਂਦੇ ਨੇ
ਚਾਹ ਪਾਣੀ ਪੀ ਕੇ  ਫਿਰ
ਦੁੱਖ ਸੁੱਖ ਸੁਣਾਉਂਦੇ ਨੇ

ਗੁੱਡੀ ਮਾਂ ਕੋਲ ਬੈਠੀ ਕਹਿੰਦੀ 
ਰਾਤ ਹੈ ਮੈਂ ਰਹਿਣਾ 
ਮੇਰਾ ਨਹੀਂ ਘਰ ਸਰਦਾ 
ਜਗੀਰਾਂ ਆਖੇ ਮੈਂ ਜਾਣਾ

ਰਾਤੀਂ ਭਾਬੋ ਗੁੱਡੀ  ਤਾਈਂ ਹਾਲ ਸੁਣਾਉਂਦੀ ਹੈ
ਜਗੀਰਾਂ ਕੀ ਕੀ ਲਿਆਇਆ
ਸਾਰਾ ਕੁੱਝ ਗਿਣਾਉਂਦੀ ਹੈ

ਗੁੱਡੀ ਆਖੇ ਭਾਬੋ ਮੈਂ ਵੀ ਤਾਹੀਓਂ ਆਈ ਸੀ
ਮੇਰੇ ਘਰ ਵਾਲੇ ਨੇ
ਆਹ ਕੁੱਝ ਮੱਦਦ ਭਿਜਾਈ ਸੀ

ਪੈਸੇ ਭਾਬੋ ਨੂੰ ਦੇ ਕਹਿੰਦੀ
ਤੁਸੀਂ ਕੰਮ ਚਲਾ ਲਿਓ ਜੀ
ਕਾਪੀਆਂ ਕਿਤਾਬਾਂ ਵਰਦੀਆਂ
ਫ਼ੀਸਾਂ ਤੇ ਬਿਜਲੀ ਦਾ ਬਿੱਲ ਭਰਾ ਲਿਓ ਜੀ

ਗੁੱਡੀ ਦੇ ਜਾਣ ਤੋਂ ਮਗਰੋਂ
ਭਾਬੋ ਸ਼ੋਰ ਮਚਾਉਂਦੀ ਏ
ਭਾਈ ਮੇਰਾ ਕਿੰਨਾ ਚੰਗਾ
ਸਾਰਿਆਂ ਤਾਈਂ ਜਤਾਉਂਦੀ ਏ

ਦੋਨੋਂ ਉਹਦੇ ਹੱਥ ਸੀ
ਦੇਖੋ ਭਾਬੋ ਦੀ ਜੁਗਤ ਏ
ਗੁੱਡੀ ਦਾ ਸਭ ਪਿੱਛੇ
ਵੀਰੇ ਦੀ ਵਾਹਲੀ ਬੁੱਕਤ  ਏ

ਜਦੋਂ ਭਾਈ ਹੋਣ  ਨਿਕੰਮੇ
ਭੈਣਾਂ ਦੀ ਇੱਜ਼ਤ ਰੁਲਦੀ ਏ
ਸਾਰਾ ਕੁਝ ਛੱਡ ਕੇ ...ਕਰਕੇ ਵੀ
ਬਦਨਾਮੀ ਮਿਲਦੀ ਏ

ਚੰਗੀ ਗੱਲ ਭਾਈ ਜੇ ਕਰਦੇ
ਪਰ ਕੋਈ ਅਹਿਸਾਨ ਨਹੀਂ ਕਰਦੇ
ਹੱਕ ਤੁਹਾਡੇ ਸਾਂਭਣ
ਇਹ ਤਾਂ ਉਨ੍ਹਾਂ ਦਾ ਫਰਜ਼ ਏ

ਕਿੰਨੇ ਕੁ ਨੇ ਲੇਖੇ ਲੈਣੇ
ਕੁੱਝ ਤੇ ਭਾਈ ਸਬਰ ਕਰੋ
ਜੇ ਫੇਰ ਵੀ ਭੈਣਾਂ ਖੜ੍ਹਦੀਆਂ ਨੇ
ਤਾਂ ਦੁਨੀਆਂ ਵਾਲਿਓ ਕਦਰ ਕਰੋ
ਭੰਗੂ ਭੈਣਾਂ ਦੀ ਵੀ ਕਦਰ ਕਰੋ ।

ਹਰਵਿੰਦਰ  ਭੰਗੂ


















 

Comments