ਭੈਣ ਭਾਈ


   ਭੈਣ ਭਾਈ
ਭੈਣ ਭਾਈ ਦੇ ਰਿਸ਼ਤੇ ਜਿਹਾ
ਕੋਈ ਜੱਗ ਤੇ ਹੋਰ ਨਹੀਂ
ਜੇ ਭਾਈ ਭੈਣਾਂ ਨਾਲ ਖੜ੍ਹ ਜਾਏ
ਭੈਣਾਂ ਨੂੰ ਰੱਬ ਦੀ ਲੋੜ ਨਹੀਂ

ਵੀਰਾ ਵੀਰਾ ਕਰਦੀਆਂ
ਅੱਗੇ ਪਿੱਛੇ ਫਿਰਦੀਆਂ ਨੇ
ਦੇਖ ਕੇ ਦੁੱਖ ਵੀਰਾਂ ਦੇ
ਰੇਤ ਦੇ ਵਾਂਗੂੰ ਕਿਰਦੀਆਂ ਨੇ
ਇਨ੍ਹਾਂ ਦੇ ਏਕੇ ਦਾ
ਮਾਪਿਆਂ ਕੋਲ ਕੋਈ ਤੋੜ ਨਹੀਂ
ਜੇ ਭਾਈ ਭੈਣ ਨਾਲ ਖੜ੍ਹ ਜਾਏ
ਭੈਣਾਂ ਨੂੰ ਰੱਬ ਦੀ ਲੋੜ ਨਹੀਂ

ਵੱਡੀਆਂ ਭੈਣਾਂ ਭਾਈਆਂ ਨੂੰ
ਚੁੱਕ ਚੁੱਕ ਖਿਡਾਉਂਦੀਆਂ ਨੇ
ਆਟਾ ਲਾ ਅਖ਼ਬਾਰਾਂ ਦੇ
ਪਤੰਗ ਬਣਾਉਂਦੀਆਂ ਨੇ
ਇਨ੍ਹਾਂ ਦੇ ਵਿੱਚ ਚੱਲਦੇ
ਨਫ਼ਾ ਘਟਾਓ  ਤੇ ਜੋੜ ਨਹੀਂ
ਜੇ ਭਾਈ ਭੈਣਾਂ ਨਾਲ ਖੜ੍ਹ ਜਾਏ
ਭੈਣਾਂ ਨੂੰ ਰੱਬ ਦੀ ਲੋੜ ਨਹੀਂ

ਵਿਆਹੀਆਂ ਭੈਣਾਂ ਸਾਵਣ ਵਿੱਚ
ਵੀਰਾਂ ਨੂੰ ਉਡੀਕਦੀਆਂ
ਦੂਰੋਂ ਆਉਂਦਾ ਦਿਸ ਜਾਏ
ਕੋਠੇ ਉੱਤੋਂ ਹੀ ਚੀਕਦੀਆਂ
ਬਿਸਕੁਟ ਵਾਲੇ ਪੀਪੇ ਦੀ ਤਾਂ
ਉੱਥੇ ਵੀ ਥੋੜ ਨਹੀਂ
ਜੇ ਭਾਈ ਭੈਣਾਂ ਨਾਲ ਖੜ੍ਹ ਜਾਏ
ਭੈਣਾਂ ਨੂੰ ਰੱਬ ਦੀ ਮੈਂ ਨਹੀਂ

ਭੰਗੂ ਰਿਸ਼ਤਾ ਭਾਈ ਵੀ
ਦਿਲ ਨਾਲ ਨਿਭਾ ਜਾਂਦੇ
ਜੇ ਭੈਣ ਕੋਈ ਔਖੀ ਹੋਵੇ
ਰਾਸ਼ਨ ਤੱਕ ਪਵਾ ਜਾਂਦੇ
ਨਾਨਕ ਛੱਕਾਂ ਲਾ ਰੱਖਦੇ
ਕਿਸੇ ਚੀਜ਼ ਦੀ ਹੋੜ ਨਹੀਂ
ਜੇ ਭਾਈ ਭੈਣਾਂ ਨਾਲ ਖੜ੍ਹ ਜਾਏ
ਭੈਣਾਂ ਨੂੰ ਰੱਬ ਦੀ ਲੋੜ ਨਹੀਂ

ਹਰਵਿੰਦਰ ਭੰਗੂ  

Comments