ਜੁਗਾੜਬਾਜ਼ੀ

      ਜੁਗਾਡ਼ਬਾਜ਼ੀ !!
ਮੈਂ ਭੋਲੀ ਸੀ ਮੈਂ ਪੜ੍ਹਦੀ ਰਹੀ ,
ਤੇ ਡਿਗਰੀਆਂ ਕੱਠੀਆਂ ਕਰਦੀ ਰਹੀ ।
ਕੁਝ ਲੋਕੀਂ ਫਾਇਦਾ ਚੱਕ ਗਏ ,
ਸਾਨੂੰ ਪਿੱਛੇ ਵੱਲ ਨੂੰ ਧੱਕ ਗਏ ।
ਜਦੋਂ ਜ਼ੋਰ ਦੀ ਧੱਕਾ ਲੱਗਿਆ ਸੀ ।
ਤਾਂ ਪੁੱਛਿਆ ਸਰ ਜੀ    ਆਹ ਕੀ ਸੀ ?
ਅੱਗੋਂ ਹੱਸ ਕੇ ਕਹਿੰਦੇ ,
ਜੁਗਾਡ਼ਬਾਜ਼ੀ !!

ਮੈਂ ਮਿਹਨਤ ਦੇ ਨਾਲ ਕੰਮ ਕਰਾਂ ,
ਕਿ ਸ਼ਾਇਦ ਕੋਈ ਗੱਲ ਬਣ ਜੂ ।
ਐਨਾ ਵੀ ਨਹੀਂ ਹਨੇਰ ਇੱਥੇ ,
ਜੇ ਅੱਜ ਨਹੀਂ ਤਾਂ ਕੱਲ ਬਣ ਜੂ।
ਲੰਘ ਪਿੱਛੇ ਵਾਲੇ ਅੱਗੇ ਗਏ ,
ਮੈਂ ਤੱਕਦੀ ਰਹਿ ਗਈ ਰਾਹ ਸੀ ਜੀ ।
ਤਾਂ ਪੁੱਛਿਆ ਸਰ ਜੀ ਆਹ ਕੀ ਸੀ ?
ਅੱਗੋਂ ਹੱਸ ਕੇ ਕਹਿੰਦੇ ,
ਜੁਗਾਡ਼ਬਾਜ਼ੀ !!

ਕੁਝ ਲੋਕੀਂ ਲੈਣ ਤਰੱਕੀਆਂ ਲਈ ,
ਨੇਤਾ ਤੋਂ ਫੋਨ ਕਰਾਉਂਦੇ ਰਹੇ ।
ਕੁਝ ਆਂਢ ਗੁਆਂਢ ਦਾ ਲੈ ਫਾਇਦਾ ,
ਆਪਣੇ ਹੀ ਰਾਹ ਰੁਸ਼ਨਾਉਂਦੇ ਰਹੇ ।
ਲੰਘ ਦੱਸਵੀਂ ਪਾਸ ਵੀ ਅੱਗੇ ਗਏ ,
ਇਹ ਵੇਖ ਕਾਲਜੇ ਧਾਹ  ਪੈ ਗਈ ।
ਤਾਂ  ਪੁੱਛਿਆ ਸਰ ਜੀ ਆਹ ਕੀ ਸੀ ?
ਅੱਗੋਂ ਹੱਸ ਕੇ ਕਹਿੰਦੇ ,
ਜੁਗਾਡ਼ਬਾਜ਼ੀ !!

ਭੰਗੂ ਨੇਤਾ ਦੀ ਭਤੀਜੀ ਸੀ ,
ਫਿਰ ਵੀ  ਐੱਨੀ  ਪਿੱਛੇ ਰਹਿ ਗਈ ।
ਮੈਂ ਪੜ੍ਹੀ ਲਿਖੀ... ਮੈਂ ਹੱਕਦਾਰ ,
ਅਹਿਸਾਨ ਕਿਸੇ ਦਾ ਕਿਉਂ ਲੇਵਾਂ ,
ਇਹੋ ਆਕੜ ਉਸ ਨੂੰ ਲੈ ਬਹਿ ਗਈ ।
ਜਦੋਂ ਪੁੱਛਿਆ ਸਰ ਜੀ ਆਹ ਕੀ ਸੀ ?
ਅੱਗੋਂ ਹੱਸ ਕੇ ਕਹਿੰਦੇ ,
ਜੁਗਾਡ਼ਬਾਜ਼ੀ !!

ਅਸੀਂ ਟੌਹਰ ਨਾਲ ਜ਼ਿੰਦਗੀ ਜਿਉਂਦੇ ਹਾਂ ,
ਤੇ ਦਿਲ ਤੇ ਕੋਈ ਬੋਝ ਨਹੀਂ ।
ਇੱਕ ਵਾਰੀ ਦੁਨੀਆ ਤੇ ਆਉਣਾ ,
ਇੱਥੇ ਜੰਮਣਾ ਆਪਾਂ  ਰੋਜ ਨਹੀਂ ।
ਸਿਰ ਉੱਚਾ ਕਰਕੇ ਜਿਊਂਦੇ ਹਾਂ ,
ਭਾਵੇਂ ਘਾਟੇ ਦੇ ਨੇ ਰਾਹ ਇਹ ਜੀ ।
ਜਦੋਂ ਪੁੱਛਿਆ ਸਰ ਜੀ ਆਹ ਕੀ ਸੀ?
ਅੱਗੋਂ ਹੱਸ ਕੇ ਕਹਿੰਦੇ ,
ਜੁਗਾਡ਼ਬਾਜ਼ੀ!!... ਜੁਗਾੜਬਾਜ਼ੀ !!.ਜੁਗਾੜਬਾਜ਼ੀ !!

                     ਹਰਵਿੰਦਰ ਭੰਗੂ

Comments

Post a Comment