ਲੰਗਰ


    ਲੰਗਰ
ਕੋਈ ਪਵਾਵੇ ਦਾਲ ਤੇ ਚਾਵਲ
ਕੋਈ ਪਵਾਵੇ ਛੋਲੇ
ਮੇਰੇ ਬਾਬੇ ਨਾਨਕ ਦੇ ਲੰਗਰਾਂ ਦੀ
ਹਰ ਥਾਂ ਤੂਤੀ ਬੋਲੇ

ਇੱਥੇ ਚੰਗੀ ਕੋਈ ਸਰਕਾਰ ਨਹੀਂ
ਲੈਂਦੀ ਲੋਕਾਂ ਦੀ ਸਾਰ ਨਹੀਂ
ਗੇੜ ਸਮੇਂ ਦਾ ਪੁੱਠਾ ਚੱਲਦਾ
ਦਿਲ ਸਭਨਾਂ ਦਾ ਡੋਲੇ
ਮੇਰੇ ਬਾਬੇ ਨਾਨਕ ਦੇ ਲੰਗਰਾਂ ਦੀ
ਹਰ ਥਾਂ ਤੂਤੀ  ਬੋਲੇ

ਲੰਗਰ ਹਰ ਰੋਜ਼ ਹੀ ਚੱਲਦਾ ਹੈ
ਕਿਤੇ ਠੰਢੇ ਮਿੱਠੇ ਜਲ ਦਾ ਹੈ
ਜੂਨ ਮਹੀਨੇ ਵਿੱਚ ਧੁੱਪ ਦੇ
ਸੇਵਾ ਕਰਦੇ ਗੋਲੇ
ਮੇਰੇ ਬਾਬੇ ਨਾਨਕ ਦੇ ਲੰਗਰਾਂ ਦੀ
ਹਰ ਥਾਂ ਤੂਤੀ ਬੋਲੇ

ਇਹ ਧਰਮ ਜਾਤ ਨੂੰ ਨਹੀਂ ਮੰਨਦਾ
ਇੱਥੇ ਘਾਟਾ ਕੋਈ ਨਹੀਂ ਅੰਨ ਦਾ
ਭੰਗੂ ...ਬਾਬਾ ਜੀ ਦੀ ਤੱਕੜੀ ਹੁਣ ਵੀ
ਤੇਰਾਂ ਤੇਰਾਂ ਤੋਲੇ
ਮੇਰੇ ਬਾਬੇ ਨਾਨਕ ਦੇ ਲੰਗਰਾਂ ਦੀ
ਹਰ ਥਾਂ ਤੂਤੀ ਬੋਲੀ

ਹਰਵਿੰਦਰ ਭੰਗੂ
 

Comments

Post a Comment