ਮੈਨੂੰ ਚੰਗਾ ਲੱਗਦਾ


    ਮੈਨੂੰ ਚੰਗਾ ਲੱਗਦਾ
ਛੋਟੇ ਛੋਟੇ ਸੁਪਨੇ ਦੇਖਣਾ
ਫਿਰ ਉਨ੍ਹਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਨਾ
ਮੈਨੂੰ ਚੰਗਾ ਲੱਗਦਾ

ਆਪਣੇ ਆਪ ਨਾਲ ਗੱਲਾਂ ਕਰਨਾ
ਮੈਨੂੰ ਚੰਗਾ ਲੱਗਦਾ

ਮੇਰੇ ਆਲੇ ਦੁਆਲੇ ਹੋ ਰਹੀਆਂ
ਅਣਜਾਣ ਲੋਕਾਂ ਦੀਆਂ ਗੱਲਾਂ ਵਿੱਚ
ਦਖਲ ਦੇ ਕੇ ਗ਼ਲਤ ਨੂੰ ਗ਼ਲਤ ਕਹਿਣਾ
ਮੈਨੂੰ ਚੰਗਾ ਲੱਗਦਾ

ਪਤਾ ਵੀ ਹੋਵੇ ਕਿ ਇੱਥੇ ਮੇਰੀ ਕਦਰ ਨਹੀਂ
ਫਿਰ ਵੀ ਸਹਿਜਤਾ ਨਾਲ
ਆਪਣੇ ਫਰਜ਼ ਨਿਭਾਉਣਾ
ਮੈਨੂੰ ਚੰਗਾ ਲੱਗਦਾ

ਕੋਈ ਕਾਰਨ ਨਾ ਵੀ ਹੋਵੇ
ਮਾਂ  ਪਿਓ ਨੂੰ ਫੋਨ ਕਰਕੇ
ਤੁਸੀਂ ਕੀ ਬਣਾਇਆ
ਰੋਜ਼ ਇਹ ਪੁੱਛਣਾ
ਮੈਨੂੰ ਚੰਗਾ ਲੱਗਦਾ

ਪਤਾ ਮੈਨੂੰ ਤੂੰ ਨਹੀਂ ਆਉਣਾ
ਫਿਰ ਵੀ ਉੱਚੀ ਉੱਚੀ
ਤੈਨੂੰ ਵਾਜਾਂ ਮਾਰ ਬੁਲਾਉਣਾ
ਮੈਨੂੰ ਚੰਗਾ ਲੱਗਦਾ

ਕਿੰਨੇ ਹੀ ਸਾਲਾਂ ਤੋਂ
ਕੀਲੀ ਉੱਤੇ ਟੰਗੇ ਤੇਰੇ ਕੱਪੜਿਆਂ ਨੂੰ
ਧੋ ਸਵਾਰ ਕੇ ਫੇਰ ਉੱਥੇ ਹੀ ਟੰਗਣਾ
ਮੈਨੂੰ ਚੰਗਾ ਲੱਗਦਾ

ਚੁੱਪ ਚਾਪ ਦੀਵਾਰਾਂ ਤੇ ਟੰਗੀਆਂ
ਤੇਰੀਆਂ ਤਸਵੀਰਾਂ ਨਾਲ ਗੱਲਾਂ ਕਰਨਾ
ਅਤੇ ਆਪ ਮੁਹਾਰੇ ਹੁੰਗਾਰੇ ਭਰਨਾ
ਮੈਨੂੰ ਚੰਗਾ ਲੱਗਦਾ

ਵੱਡਾ ਹੋ ਗਿਆ ਮੇਰਾ ਪੁੱਤ
ਫਿਰ ਵੀ ਛੋਟੀਆਂ ਛੋਟੀਆਂ ਗੱਲਾਂ ਲਈ
ਵਾਰ ਵਾਰ ਸਮਝਾਈ ਜਾਣਾ
ਮੈਨੂੰ ਚੰਗਾ ਲੱਗਦਾ

ਲੋਕੀਂ ਮੈਨੂੰ ਕਹਿੰਦੇ
ਆਪਣੇ ਕੰਮ ਨਾਲ ਕੰਮ ਰੱਖ
ਫਿਰ ਵੀ ਸਮਾਜਿਕ ਮਸਲਿਆਂ ਵਿੱਚ
ਉੱਠ ਕੇ ਮੂਹਰੇ ਆਉਣਾ
ਮੈਂਨੂੰ ਚੰਗਾ ਲੱਗਦਾ

ਕੁੜੀਆਂ ਦਾ ਪੜ੍ਹਨਾ ਲਿਖਣਾ
ਗੱਡੀਆਂ ਚਲਾਉਣਾ
ਆਤਮ ਨਿਰਭਰ ਹੋਣਾ
ਮੈਨੂੰ ਚੰਗਾ ਲੱਗਦਾ

ਮਾਂ ਪਿਓ ਦੀ ਇੱਜ਼ਤ ਕਰਨਾ
ਸੇਵਾ ਕਰਨੀ
ਤੇ ਬਿਨਾਂ ਗੱਲ ਤੋਂ ਗਾਲਾਂ ਖਾਣਾ
ਮੈਨੂੰ ਚੰਗਾ ਲੱਗਦਾ

ਬਾਪੂ ਮੈਨੂੰ ਕਹਿੰਦਾ ....ਭੰਗੂ !!
ਤੂੰ ਬਾਬਾ ਨਾਨਕ ਨਹੀਂ
ਫਿਰ ਵੀ ਜ਼ਰੂਰਤ ਮੰਦਾਂ ਦੇ
ਛੋਟੇ ਛੋਟੇ ਕੰਮ ਆਉਣਾ
ਮੈਨੂੰ ਚੰਗਾ ਲੱਗਦਾ


ਹਰਵਿੰਦਰ ਭੰਗੂ
 

Comments

Post a Comment