ਜ਼ਿੰਮੇਵਾਰੀਆਂ


        ਜ਼ਿੰਮੇਵਾਰੀਆਂ
ਮੈਨੂੰ ਸੌਣ ਨਹੀਂ ਦਿੰਦੀਆਂ ਕਬੀਲਦਾਰੀਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ

ਅਜੇ ਝਾੜੂ ਪੋਚੇ ਹੋਣੇ ਨੇ
ਕੱਪੜੇ ਵੀ ਹਾਲੇ ਧੋਣੇ ਨੇ
ਉੱਤੋਂ ਵਿੱਚ ਸਕੂਟਰ ਤੇਲ ਨਹੀਂ
ਤੇ ਸਿਰ ਖੁਰਕਣ ਦੀ ਵਿਹਲ ਨਹੀਂ 
ਬੱਚਿਆਂ ਦੀ ਮੱਠੀ ਚਾਲ ਦੀਆਂ 
ਤੇ ਸਰਵ  ਸਾਂਝੀ ਹੜਤਾਲ ਦੀਆਂ 
ਕੀਤੀਆਂ ਮੁਲਾਜ਼ਮਾਂ ਨੇ ਬੰਦ ਲਾਰੀਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ

ਇੱਕ ਜ਼ਿੰਮੇਵਾਰੀ ਬੈਂਕਾਂ ਦੀ
ਨੌਕਰੀ ਵਿੱਚ ਚੱਲਦੇ ਰੈਂਕਾਂ ਦੀ
ਬੀਮੇ ਦੀਆਂ ਕਿਸ਼ਤਾਂ ਭਰਨੇ ਦੀ
ਤੇ  PTM  ਤੇ ਲੜਨੇ ਦੀ 
ਕੋਈ ਚਿੰਤਾ ਜਿਹੜੇ ਕਰਜ਼ ਚੱਕੇ 
ਤੇ ਮਰਜ਼ੀ ਨਾਲ ਨਾ ਖਰਚ ਸਕੇ
ਕੋਈ ਚਿੰਤਾ ਆਈ ਫੋਨ ਦੀ ਹੈ 
ਸਾਰਿਆਂ ਦੀ ਬਿਗੜੀ ਟੋਨ ਦੀ ਹੈ 
ਇੱਕ ਕਾਪੀਆਂ, ਕਿਤਾਬਾਂ ,ਕੱਪੜੇ ਤੇ ਅਲਮਾਰੀਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ

ਕੁਝ ਯੂਨੀਅਨ ਦੀ ਹੜਤਾਲ ਦੀਆਂ
ਕੁਝ ਸਾਬਣ ,ਛੋਲੇ ,ਦਾਲ ਦੀਆਂ 
ਕੁਝ ਗੁੱਸਾ ਆਪ ਕਮਾਉਣ ਵਾਲਾ 
ਮਰਜ਼ੀ ਨਾਲ ਖਰਚ ਨਾ ਪਾਉਣ ਵਾਲਾ 
ਕੁਝ ਮਜ਼ਦੂਰਾਂ ਦੇ ਹੱਕ ਦੀਆਂ
ਸਰਮਾਏਦਾਰੀ ਦੀ ਚੱਕ ਦੀਆਂ 
ਸਾਥੀਆਂ ਦੇ ਪਾਏ ਰੌਲੇ ਦੀ 
ਤੇ ਆਪੇ ਬਣੇ ਵਿਚੋਲੇ ਦੀ 
ਬੱਜਣ  ਨਾ  ਐਵੇਂ ਭਾਸ਼ਣਾਂ ਤੇ ਤਾਲੀਆਂ
ਬਹੁਤ ਪਾਈਆਂ ਸਿਰ ਮੇਰੇ ਜ਼ਿੰਮੇਵਾਰੀਆਂ

ਕੁਝ ਵੱਡੇ ਹੁੰਦੇ ਪੁੱਤ ਦੀਆਂ
ਕੁਝ ਵਿੱਚ ਸ਼ਰੀਕੇ ਚੁੱਕ ਦੀਆਂ 
ਵੇਲਾਂ ਵਾਂਗ ਵੱਧਦੀ ਧੀ ਦੀਆਂ 
ਲੋਕੀ ਕਹਿੰਦੇ ਨੇ ਕੀ ਕੀ ਦੀਆਂ 
ਕੋਈ ਜ਼ਮੀਨਾਂ  ਵਾਲੇ ਠੇਕੇ ਦੀ
ਕੋਈ ਭੈਣ, ਭਾਈ, ਤੇ ਪੇਕੇ ਦੀ
ਸੌਖੀਆਂ ਨਿਭਾਉਣੀਆਂ  ਨਹੀਂ ਰਿਸ਼ਤੇਦਾਰੀਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ


ਜ਼ਿੰਮੇਵਾਰੀ  ਬੇਬੇ ਬਾਪੂ ਦੀ
ਇੱਕ ਹੱਥ ਚ ਸਬਜ਼ੀ, ਚਾਕੂ ਦੀ
ਕੋਈ ਧਨੀਏ ਵਾਲੀ ਗੁੱਛੀ ਦੀ 
ਪੁੱਤਰ ਦੀ ਮੰਗੀ ਗੁੱਚੀ ਦੀ 
ਕੋਈ ਧੀ ਦੇ ਮੰਗੇ ਲਹਿੰਗੇ ਦੀ 
ਕਦੇ ਲੱਗੇ ਵਾਹਲਾ ਮਹਿੰਗੇ ਦੀ 
ਕੋਈ ਨਣਦ ਨੂੰ ਲੈਣ ਤੇ ਦੇਣ ਦੀ ਹੈ 
ਕੋਈ ਸੱਸ ਦੇ ਪਾਲੇ  ਵਹਿਮ ਦੀ ਹੈ 
ਕੋਈ ਗੈਰ ਸਮਾਜੀ ਲੰਡਰ ਦੀ
ਕਦੇ ਮੁੱਕਦੇ ਹੋਏ ਸਿਲੰਡਰ ਦੀ
ਰੋਟੀਆਂ ਵੀ ਹਾਲੇ ਤੱਕ ਨਹੀਂ ਉਤਾਰੀਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ
ਅਜੇ ਬੱਚਿਆਂ ਤਾਈਂ ਪੜ੍ਹਾਉਣਾ ਏ
ਕੰਮ ਕਾਰ ਵੀ ਕੋਈ ਕਰਾਉਣਾ ਏ 
ਕਈ ਧੀ ਦੇ ਵਿਆਹ ਤੇ ਦਾਜ ਦੀਆਂ 
ਕਈ ਵਿੱਚ ਸ਼ਰੀਕੇ ਲਾਜ ਦੀਆਂ 
ਅਜੇ ਝੂੰਗਾ ਕੋਈ ਬਣਾਉਣਾ ਹੈ
ਫਿਰ ਕਾਰਜ ਕੋਈ ਰਚਾਉਣਾ ਹੈ
ਲੱਗੇ ਲੋਕਾਂ ਨੂੰ ਮੈਂ ਕਰਦੀ ਸਰਦਾਰੀਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ 

ਕੋਈ ਸਾਥੀ ਪਏ ਬੀਮਾਰ ਦੀਆਂ 
ਮਨ ਆਉਂਦੇ ਭੈੜੇ ਵਿਚਾਰ ਦੀਆਂ 
ਡਰ ਸਾਥੀ ਦੇ ਛੱਡ ਜਾਣ ਵਾਲਾ
ਲੋਕਾਂ ਦੇ ਗੱਲਾਂ ਬਣਾਉਣ ਵਾਲਾ 
ਕੁਝ ਬਾਹਰ ਅੰਦਰ ਸਭ ਵੇਖਣ ਲਈ
ਕੁਝ ਦੁੱਖ ਜ਼ਿੰਦਗੀ ਦੇ ਸੇਕਣ ਲਈ
ਮਰਦਾ ਨਹੀਂ  ਭੰਗੂ ਦੁਨੀਆਂ ਦੇ ਮਾਰਿਆਂ
ਬਹੁਤ ਪਈਆਂ ਸਿਰ ਮੇਰੇ ਜ਼ਿੰਮੇਵਾਰੀਆਂ


                    ਹਰਵਿੰਦਰ ਭੰਗੂ
 

Comments

Post a Comment