ਭੈਣਾਂ ਨਾਲ ਸਾਕ


      ਭੈਣਾਂ ਨਾਲ ਸਾਕ
ਪਹਿਲਾਂ ਲੋਕੀਂ ਭਾਈਆਂ ਨਾਲ ਸ਼ਰੀਕਾ ਕਰਦੇ ਸੀ
ਧੀਆਂ ਭੈਣਾਂ ਸਾਂਝੀਆਂ ਸਿਰ ਮੱਥੇ ਤੇ ਧਰਦੇ ਸੀ
ਕਲਜੁਗ  ਆਇਆ ਕੈਸੀ ਚੱਕੀ ਪੁੱਠੀ ਗੇੜ ਗਿਆ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਬੇੜ ਲਿਆ

ਮਹਿੰਗੀਆਂ ਹੋਈਆਂ ਜਾਇਦਾਦਾਂ ਨੇ
ਸਭ ਪੰਗੇ ਪਾ ਤੇ  ਨੇ
ਸਿੱਧੀ ਨਾਮ ਕਰਾ ਲਈ
ਮਾਪੇ ਖੂੰਜੇ ਲਾ ਤੇ   ਨੇ
ਕੁੜੀਆਂ ਹਿੱਸਾ ਨਾ ਮੰਗਣ
ਤਾਂ ਇਹ ਜੱਬ ਨਿਬੇੜ ਲਿਆ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ

ਜਿਹੜੇ ਭੈਣਾਂ ਦੇ ਬੱਚੇ
ਲੱਗਦੇ ਜਾਨ ਤੋਂ ਪਿਆਰੇ ਸੀ
ਜਦੋਂ ਆਪਣੇ ਬੱਚੇ ਹੋ ਗਏ
ਚੇਤੇ ਵਿੱਚੋਂ ਵਿਸਾਰੇ ਜੀ
ਦੋਹਤੇ ਹੋਣ ਪਰਦੇਸੀ
ਕਿਉਂ ਕਰ ਤੇਰ ਤੇ ਮੇਰ  ਰਿਹੈ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ

ਜੇ ਭੈਣ ਕੋਈ ਹੈ ਔਖੀ
ਤਾਂ ਕਿਉਂ ਨਾਲ ਨਹੀਂ ਖੜ੍ਹਦੇ
ਜੇ ਭਾਈ ਹੋਰ ਇੱਕ ਹੁੰਦਾ
ਉਹਨੂੰ ਵੀ ਤਾਂ ਫਿਰ ਜਰਦੇ
ਸਭ ਕੁਝ ਵੰਡਾ ਕੇ ਲੈਂਦਾ
ਮਿੱਤਰਾ ਸੇਰ ਨਾਲ ਸੇਰ ਮਿਲਾ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ

ਭੈਣਾਂ ਨੂੰ ਕਿਉਂ ਹੱਥ ਚੱਕਵਾਂ  ਵੀ
ਦੇਣ ਤੋਂ ਰੋਂਦੇ  ਓ
ਕੀ  ਨਾਲ ਬੰਨ੍ਹ ਕੇ ਲੈ ਜਾਣਾ
ਜੋ ਜੋੜਨਾ ਚਾਹੁੰਦੇ  ਓ
ਭੈਣਾਂ ਪ੍ਰਤੀ ਜ਼ਿੰਮੇਵਾਰੀਆਂ ਤੋਂ
ਮੂੰਹ ਕਿਉਂ ਫੇਰ ਲਿਆ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ


ਭਾਈ ਭਤੀਜਿਆਂ ਲਈ
ਭੈਣਾਂ ਅਰਦਾਸਾਂ ਕਰਦੀਆਂ ਨੇ
ਰੱਬ ਰਾਜੀ ਸਭ ਨੂੰ ਰੱਖੇ
ਭਾਵੇਂ ਪਾਸਾ ਕਰ ਗਈਆਂ ਨੇ
ਭਾਈਆਂ ਨੂੰ ਟੱਬਰ ਪਿਆਰੇ
ਭੈਣਾਂ ਨਾ ਡਰਦੀਆਂ ਛੇੜਦੀਆਂ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ

ਬੱਚਿਆਂ ਨੂੰ ਤੁਸੀਂ ਦੱਸੋ
ਜਿੰਨੀ ਮੈਨੂੰ ਆਉਂਦੀ ਏ
ਉਨੀ ਭੂਆ ਦੀ ਬਣਦੀ
ਕਿੱਥੇ ਗੱਲ ਇਹ ਜਾਂਦੀ ਏ
ਛੱਡ   ਭੰਗੂ    ਤੂੰ  ਕਮਲੇ
ਕਿਉਂ ਰੱਗ ਦੁੱਖ ਦੀ ਛੇੜ ਰਿਹੈਂ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ

ਦੋ ਵਾਰੀ ਮਾਂ ਆਖੋ
ਤਾਂ ਇੱਕ ਮਾਮਾ ਬਣਦਾ ਏ
ਔਕੜ ਆ ਜਾਏ ਕੋਈ
ਉਹ ਹਿੱਕ ਤਾਣ ਕੇ ਖੜ੍ਹਦਾ ਏ
ਭੰਗੂ ਅੱਲੇ ਜ਼ਖ਼ਮਾਂ ਨੂੰ
ਤੂੰ ਕਿਉਂ ਉਧੇੜ ਲਿਆ
ਭਾਈ ਭਾਈ ਫਿਰ ਕੱਠੇ
ਭੈਣਾਂ ਨਾਲ ਸਾਕ ਨਿਬੇੜ ਲਿਆ

ਹਰਵਿੰਦਰ ਭੰਗੂ
 

Comments